October 22, 2026

ਗਰਮੀ ਦੇ ਮੌਸਮ ਦੌਰਾਨ ਸਰੀਰਿਕ ਤੰਦਰੁਸਤੀ ਲਈ ਸਾਵਧਾਨੀਆਂ ਵਰਤਣੀਆਂ ਲਾਜ਼ਮੀ-ਸਿਵਲ ਸਰਜਨ

ਗਰਮੀ ਦੇ ਮੌਸਮ ਦੌਰਾਨ ਸਰੀਰਿਕ ਤੰਦਰੁਸਤੀ ਲਈ ਸਾਵਧਾਨੀਆਂ ਵਰਤਣੀਆਂ ਲਾਜ਼ਮੀ-ਸਿਵਲ ਸਰਜਨ

– ਸਿਹਤ ਵਿਭਾਗ ਵੱਲੋਂ ਤੀਬਰ ਦਸਤ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਸ਼ੁਰੂ

– ਛੋਟੇ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮੰਤਵ ਨਾਲ ਸਿਹਤ ਕੇਂਦਰਾਂ ‘ਚ ਓ.ਆਰ. ਐਸ/ਜਿੰਕ ਕਾਰਨਰ ਬਣਾਏ

(Rajinder Kumar) ਮਾਨਸਾ, 01 ਜੁਲਾਈ 2025: ਗਰਮੀ ਦੇ ਮੌਸਮ ਦੌਰਾਨ ਸਰੀਰਿਕ ਤੰਦਰੁਸਤੀ ਲਈ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ, ਇਸ ਦੇ ਲਈ ਸਿਹਤ ਵਿਭਾਗ ਵੱਲੋਂ 31 ਜੁਲਾਈ ਤੱਕ ਤੀਬਰ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਡੀ ਉਮਰ ਦੇ ਵਿਅਕਤੀਆਂ ਅਤੇ ਛੋਟੇ ਬੱਚਿਆਂ ਨੂੰ  ਇਸ ਸੀਜ਼ਨ ਦੌਰਾਨ ਖਾਣ ਪੀਣ ਦਾ ਖਾਸ ਖਿਆਲ ਰੱਖਣ ਬਾਰੇ ਜਾਗਰੂਕ ਕੀਤਾ ਜਾਵੇ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸਿਹਤ ਅਧਿਕਾਰੀਆਂ ਨਾਲ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਕਰਦਿਆਂ ਕੀਤਾ |

ਉਨ੍ਹਾਂ ਦੱਸਿਆ ਕਿ 31 ਜੁਲਾਈ ਤੱਕ ਚਲਾਈ ਜਾ ਰਹੀ ਤੀਬਰ ਦਸਤ ਰੋਕੂ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਜ਼ ਦੁਆਰਾ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ ਛੋਟੇ ਬੱਚਿਆਂ ਲਈ ਓ.ਆਰ.ਐਸ. ਦੇ ਪੈਕਟ ਵੰਡੇ ਜਾਣਗੇ | ਇਸ ਦੌਰਾਨ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਰ.ਬੀ.ਐਸ.ਕੇ. ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ  ਸਿਹਤ ਪ੍ਰਤੀ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ |

ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਨ ਵੱਡੀ ਉਮਰ ਦੇ ਵਿਅਕਤੀਆਂ ਅਤੇ ਖਾਸ ਕਰ ਛੋਟੇ ਬੱਚਿਆਂ (ਪੰਜ ਸਾਲ ਤੱਕ) ਨੂੰ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ | ਜੇਕਰ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਖਾਸ ਕਰਕੇ ਬੱਚਿਆਂ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ | ਇਸ ਲਈ ਗਰਮੀਆਂ ਦੇ ਮੌਸਮ ਵਿੱਚ ਸਾਫ਼ ਪਾਣੀ  ਪੀਂਦੇ ਰਹਿਣਾ ਚਾਹੀਦਾ ਹੈ | ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ | ਦਸਤ ਲੱਗਣ ਦੀ ਸੂਰਤ ਵਿੱਚ ਓ.ਆਰ.ਐਸ. ਦਾ ਘੋਲ ਅਤੇ ਜਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਡਾਕਟਰ ਦੀ ਸਲਾਹ ਨਾਲ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਖਣਿਜ ਪਦਾਰਥਾਂ ਦੀ ਕਮੀ ਨਾ ਹੋ ਸਕੇ | ਉਨ੍ਹਾਂ ਦੱਸਿਆ ਕਿ ਓ.ਆਰ. ਐਸ. ਦਾ ਘੋਲ ਘਰ ਵਿਖੇ ਵੀ ਤਿਆਰ ਕੀਤਾ ਜਾ ਸਕਦਾ ਹੈ  |
ਡਾ.ਰਾਏ ਨੇ ਦੱਸਿਆ ਕਿ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਓ.ਆਰ. ਐਸ/ਜਿੰਕ ਕਾਰਨਰ ਬਣਾ ਕੇ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ |

ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾਕਟਰ ਮੰਯਕ ਡਿਪਟੀ ਮੈਡੀਕਲ ਕਮਿਸ਼ਨਰ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਸੁਖਵਿੰਦਰ ਸਿੰਘ ਜ਼ਿਲ੍ਹਾ ਫਾਰਮੇਸੀ ਅਫ਼ਸਰ, ਸ੍ਰੀ ਸੰਤੋਸ਼ ਭਾਰਤੀ ਐਪੀਡਾਇਲੋਜਿਸਟ, ਗੀਤਾ ਰਾਣੀ ਸੀਨੀਅਰ ਸਹਾਇਕ, ਸੰਦੀਪ ਸਿੰਘ ਅਤੇ ਪ੍ਰਤਾਪ ਸਿੰਘ ਸੀਨੀਅਰ ਸਹਾਇਕ, ਲਲਿਤ ਕੁਮਾਰ ਕਲਰਕ, ਡਰੱਗ ਇੰਸਪੈਕਟਰ ਫੂਡ ਇੰਸਪੈਕਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |

About The Author

You may have missed